ਕਿੱਧਰ ਨੂੰ ਜਾ ਰਹੇ ਇੰਡੀਆ ਦੇ ਹਲਾਤ?

ਕਿੱਧਰ ਨੂੰ ਜਾ ਰਹੇ ਇੰਡੀਆ ਦੇ ਹਲਾਤ?

ਇੰਡੀਆ ਦਾ ਸੰਵਿਧਾਨਿਕ ਅਤੇ ਨਿਆਂਇਕ ਢਾਂਚਾ, ਕੇਂਦਰੀ ਏਜੰਸੀਆਂ, ਸੰਸਦ ਅਤੇ ਇਥੋਂ ਦੇ ਲੋਕਤੰਤਰ ਉਪਰ ਬੀਤੇ ਦਿਨਾਂ ਵਿਚ ਜਰਮਨੀ, ਅਮਰੀਕਾ ਅਤੇ ਯੂ.ਐਨ. ਵਲੋਂ ਆਈਆਂ ਟਿੱਪਣੀਆਂ ਇਸ ਗੱਲ ਨੂੰ ਪੱਕਿਆਂ ਕਰਦੀਆਂ ਹਨ ਕਿ ਹੁਣ ਦੁਨੀਆਂ ਦੇ ਲੋਕਾਂ ਨੇ ਵੀ ਇੰਡੀਆ ਦੇ ਜ਼ਰਜ਼ਰੇ ਹੋ ਚੁੱਕੇ ਢਾਂਚੇ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ।

 ਇੰਡੀਆ ਵਲੋਂ ਸ਼ੁਰੂ ਤੋਂ ਹੀ ਅੰਦਰੂਨੀ ਤੌਰ ’ਤੇ ਆਪਣੇ ਕਰੂਰ ਸੁਭਾਅ ਦੇ ਹੁੰਦੇ ਹੋਇਆਂ ਦੁਨੀਆਂ ਪੱਧਰ ’ਤੇ ਆਪਣੀ ਸਾਖ ਬਚਾਉਣ ਅਤੇ ਚੰਗਾ ਹੋਣ ਦਾ ਦਿਖਾਵਾ ਕੀਤਾ ਜਾਂਦਾ ਰਿਹਾ ਹੈ।  ਪਿਛਲੀਆਂ ਸਰਕਾਰਾਂ ਦੇ ਤਰੀਕੇ ਦੇ ਉਲਟ ਪਿਛਲੇ 10 ਸਾਲਾਂ ਤੋਂ ਮੋਦੀ ਸਰਕਾਰ ਵਲੋਂ ਤਾਕਤ ਵਿੱਚ ਆਉਣ ਤੋਂ ਬਾਅਦ ਘੁੰਢ ਚੁੱਕ ਕੇ ਜੁਲਮ ਦਾ ਨਾਚ ਕੀਤੇ ਜਾਣ ਦੀ ਬਦੌਲਤ ਹੁਣ ਦੁਨੀਆਂ ਨੇ ਮੋਦੀ ਸਰਕਾਰ ਦੀ ਤਾਕਤ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ।  

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਇੰਡੀਆ ਦੇ ਲੋਕਾਂ ਨੂੰ ਹੈਰਾਨੀ ਅਤੇ ਕੁਝ ਨੂੰ ਤਕਲੀਫ਼ ਵੀ ਹੋਈ। ਹੈਰਾਨੀ ਇਸ ਗੱਲ ਦੀ ਕਿ ਇੰਡੀਆ ਵਿੱਚ ਕਿਸੇ ਕੁਰਸੀਧਾਰੀ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ। ਇੰਡੀਆ ਦੀ ਕੇਂਦਰੀ ਤਾਕਤ ਸਾਹਮਣੇ ਮੁੱਖ ਮੰਤਰੀ ਦੀ ਵੀ ਕੋਈ ਸੁਣਵਾਈ ਅਤੇ ਜ਼ਮਾਨਤ ਨਹੀਂ ਹੈ ਤਾਂ ਆਮ ਲੋਕਾਂ ਦਾ ਸਰਕਾਰ ਉਤੋਂ ਭਰੋਸਾ ਡੋਲਣਾ ਤੈਅ ਹੈ। ਮੁੱਖਮੰਤਰੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ, ਜੇਕਰ ਲੱਖਾਂ ਲੋਕਾਂ ਦੇ ਚੁਣੇ ਨੁਮਾਇੰਦੇ ਦੀ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਕੋਈ ਔਕਾਤ ਨਹੀਂ ਹੈ ਤਾਂ ਜਨਤਾ ਜਨਾਰਦਨ ਦਾ ਨਾਅਰਾ ਦੇਣਾ ਨਿਰਾ ਪਖੰਡ ਜਿਹਾ ਲਗਦਾ ਹੈ। ਜੇਕਰ ਇਸ ਤਰ੍ਹਾਂ ਦੇ ਹੀ ਮਾਮਲੇ ਇਕੱਠੇ ਕਰਨੇ ਹੋਣ ਤਾਂ ਬੜੀਆਂ ਉਦਾਹਰਣਾਂ ਮਿਲ ਜਾਣਗੀਆਂ ਜਦੋਂ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਉਪਰ ਤਾਕਤ ਪ੍ਰਾਪਤ ਮਹਿਕਮਿਆਂ/ਏਜੰਸੀਆਂ ਅਤੇ ਅਫ਼ਸਰਸ਼ਾਹੀ ਵਲੋਂ ਕੁਝ ਨਹੀਂ ਸਮਝਿਆ ਜਾਂਦਾ। ਜੇਕਰ ਕੇਜਰੀਵਾਲ ਦੋਸ਼ੀ ਹੈ ਵੀ ਤਾਂ ਵੀ ਉਸ ਨੂੰ ਕਾਬੂ ਕਰਨ ਦਾ ਤਰੀਕਾਕਾਰ ਸਹੀ ਨਹੀਂ ਹੈ। ਇਸੇ ਗੱਲ ਨੂੰ ਜਰਮਨੀ, ਅਮਰੀਕਾ ਅਤੇ ਯੂ.ਐਨ. ਨੇ ਦੁਹਰਾਇਆ ਹੈ ਕਿ ਇੰਡੀਆ ਨੂੰ ਕੇਜਰੀਵਾਲ ਮਸਲੇ ਵਿਚ ਨਿਰਪੱਖ ਰਵਈਆ ਅਤੇ ਯੋਗ ਤਰੀਕਾ ਅਪਣਾਉਣਾ ਚਾਹੀਦਾ ਹੈ। ਇਸ ਟਿੱਪਣੀ ਨੂੰ ਮਹਿਜ ਇੱਕ ਸੁਯੋਗ ਸਲਾਹ ਵਜੋਂ ਵੀ ਵੇਖਿਆ ਜਾ ਸਕਦਾ ਸੀ, ਪਰ ਇੰਡੀਆ ਦੇ ਮਹਿਕਮਿਆਂ ਵਲੋਂ ਇਸਨੂੰ ਵੰਗਾਰ ਦੀ ਤਰ੍ਹਾਂ ਲਿਆ ਗਿਆ ਅਤੇ ਇਨ੍ਹਾਂ ਦੇਸ਼ਾਂ ਦੇ ਸਫ਼ੀਰਾਂ ਨੂੰ ਤਲਬ ਵੀ ਕਰ ਲਿਆ ਗਿਆ। ਇੰਡੀਆ ਵਲੋਂ ਇਨ੍ਹਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਇਸ ਮਸਲੇ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ। ਇੰਡੀਆ ਦਾ ਇਹ ਰਵਈਆ ਪਹਿਲੀ ਵਾਰ ਨਹੀਂ ਸਗੋਂ ਸਮੇਂ-ਸਮੇਂ ’ਤੇ ਇਹੀ ਪਹੁੰਚ ਵੇਖਣ ਨੂੰ ਮਿਲਦੀ ਹੈ। ਕਰੀਬ ਤਿੰਨ ਸਾਲ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਵੀ ਜਦੋਂ ਕੋਈ ਵਿਅਕਤੀ ਵਿਸ਼ੇਸ਼, ਸੰਸਥਾ ਜਾਂ ਮੁਲਕ ਆਪਣੀ ਰਾਇ ਪ੍ਰਗਟ ਕਰਦਾ ਤਾਂ ਇੰਡੀਆ ਵੱਲੋਂ ਓਹਨੂੰ ਕਿਸੇ ਦੂਜੇ ਲੋਕਤੰਤਰਿਕ ਮੁਲਕ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਨਾ ਦੇਣ ਦੀ ਸਲਾਹ ਦੇ ਦਿੱਤੀ ਜਾਂਦੀ।          

ਇਹ ਸਿਰਫ ਇਕਹਿਰਾ ਮਸਲਾ ਨਹੀਂ ਹੈ, ਦੁਨੀਆਂ ਦੀਆਂ ਵੱਖ-ਵੱਖ ਸਖਸ਼ੀਅਤਾਂ, ਖੋਜ ਅਤੇ ਖ਼ਬਰ ਅਦਾਰਿਆਂ ਵਲੋਂ ਸਮੇਂ-ਸਮੇਂ ਉਪਰ ਇੰਡੀਆ ਦੀ ਡੈਮੋਕ੍ਰੇਸੀ ਉਪਰ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਅਜਿਹਾ ਸਿਰਫ ਇੱਕ ਅੱਧੀ ਘਟਨਾ ਦੇ ਵਾਪਰਨ ਨਾਲ ਨਹੀ ਹੁੰਦਾ, ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾਉਂਦੀਆਂ ਸੈਂਕੜੇ ਮਿਸਾਲਾਂ ਨੂੰ ਵੇਖਣ ਤੋਂ ਬਾਅਦ ਹੀ ਅਜਿਹਾ ਨਿਰਣੇ ਲਏ ਜਾਂਦੇ ਹਨ। ਚੁਣਾਵੀ ਬੌਂਡ ਦਾ ਖੁਲਾਸਾ ਹੋਣ ਤੋਂ ਮੀਡੀਆ ਦਾ ਇਸ ਦੇ ਬਾਰੇ ਵਿੱਚ ਕੁਝ ਵੀ ਨਾ ਬੋਲਣਾ, ਵਿਰੋਧੀ ਪਾਰਟੀਆਂ ਅਤੇ ਕੰਪਨੀਆਂ ਉਪਰ ਕੇਂਦਰੀ ਏਜੰਸੀ ਈ. ਡੀ. ਦੇ ਪੈਣ ਵਾਲੇ ਛਾਪੇ, ਕਾਂਗਰਸ ਦਾ ਬੈਂਕ ਖਾਤਾ ਸੀਜ਼ ਹੋਣਾ ਇਹ ਹੁਣ ਦੇ ਤਤਕਾਲੀ ਕੁਝ ਘਟਨਾਕ੍ਰਮ ਚੋਣਾਂ ਸਿਰ ’ਤੇ ਆਉਣ ’ਤੇ ਚੁੱਕੇ ਗਏ ਅਜਿਹੇ ਕਦਮ ਹਨ ਜਿਸ ਵਿੱਚ ਮੋਦੀ ਸਰਕਾਰ ਦਾ ਰਵਈਆ ਅਤੇ ਇੰਡੀਆ ਵਿੱਚ ਵਿਰੋਧੀ ਧਿਰ ਨਾਲ ਸਖਤੀ ਨਾਲ ਨਿਬੜਨ ਦਾ ਵਰਤਾਰਾ ਸਾਫ਼ ਝਲਕਦਾ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਾਫ਼ ਕਹਿਣਾ ਸ਼ੁਰੂ ਕੀਤਾ ਹੋਇਆ ਹੈ ਕਿ ਮੋਦੀ ਸਰਕਾਰ ਤਾਨਾਸ਼ਾਹੀ ਦੇ ਵੱਲ ਜਾ ਰਹੀ ਹੈ। ਮੋਦੀ ਦੇ ਹੱਕ ਵਿੱਚ ਖੜਨ ਵਾਲੇ ਮੀਡੀਆ ਤੋਂ ਇਲਾਵਾ ਦੂਸਰੇ ਮੀਡੀਆ ਅਦਾਰਿਆਂ ਦੇ ਲੇਖੇ ਵਿੱਚ ਇੰਡੀਆ ਦੇ ਲੋਕਤੰਤਰ ਤੋਂ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵਧਣ ਦਾ ਜ਼ਿਕਰ ਮਿਲਦਾ ਹੈ।

ਦੁਨੀਆਂ ਵਿੱਚ ਪ੍ਰੈਸ ਦੀ ਅਜ਼ਾਦੀ, ਡੈਮੋਕ੍ਰੇਸੀ ਦਾ ਗ੍ਰਾਫ, ਭੁੱਖਮਰੀ ਅਤੇ ਦੇਸ਼ ਦੇ ਲੋਕਾਂ ਦੀ ਮਾਨਸਿਕ ਸਿਹਤ, ਖੁਸ਼ਤਬੀਅਤ ਲੋਕਾਂ ਦੇ ਅੰਕੜੇ ਇਕੱਠੇ ਕਰਕੇ ਜਾਰੀ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੇ ਆਪਣੇ ਲੇਖਿਆਂ ਵਿੱਚ ਇੰਡੀਆ ਦਾ ਮਾੜਾ ਪ੍ਰਦਰਸ਼ਨ ਵਿਖਾਇਆ ਹੈ। ਇਸ ਉਤੇ ਵੀ ਇੰਡੀਆ ਦਾ ਰਵਈਆ ਇੱਕ ਤਾਨਾਸ਼ਾਹ ਸਰਕਾਰ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇੰਡੀਆ ਨੇ ਇਨ੍ਹਾਂ ਲੇਖਿਆਂ ਦੇ ਅਧਾਰ ’ਤੇ ਅਪਣਾ ਸੁਧਾਰ ਕਰਨ ਵੱਲ ਤਾਂ ਕੀ ਵਧਣਾ ਸੀ, ਸਗੋ ਇਨ੍ਹਾਂ ਲੇਖਿਆਂ ਨੂੰ ਗਲਤ ਦੱਸ ਕੇ ਅਜਿਹੀਆਂ ਸੰਸਥਾਵਾਂ ਬਣਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜੋ ਇੰਡੀਆ ਦੇ ਪੱਖ ਤੋਂ ਡੈਮੋਕ੍ਰੇਸੀ, ਖੁਸ਼ਤਬੀਅਤ, ਪ੍ਰੈਸ ਦੀ ਅਜ਼ਾਦੀ ਦੇ ਪੈਮਾਨਿਆਂ ’ਤੇ ਆਪਣੇ ਲੇਖੇ ਦੁਨੀਆਂ ਵਿੱਚ ਜਾਰੀ ਕਰੇਗੀ। ਵੈਸੇ ਪੱਛਮ ਵਲੋਂ ਅੰਕੜਿਆਂ ਦੀ ਖੇਡ ਨਾਲ ਦੁਨੀਆਂ ਦੇ ਦੇਸ਼ਾਂ ਉਪਰ ਆਪਣਾ ਦਬਾਅ ਬਣਾਇਆ ਜਾਂਦਾ ਰਿਹਾ ਹੈ ਪਰ ਇੰਡੀਆ ਦੇ ਮਸਲੇ ਵਿੱਚ ਤਾਂ ਜ਼ਮੀਨੀ ਪੱਧਰ ’ਤੇ ਵੀ ਇੰਡੀਆ ਦੇ ਲੋਕ ਸਾਰੇ ਪਾਸੇ ਆਏ ਇਸ ਨਿਘਾਰ ਨੂੰ ਮਹਿਸੂਸ ਕਰਦੇ ਹਨ। 

ਕੇਂਦਰ ਵਿੱਚ ਅਤੇ ਵੱਖ ਵੱਖ ਜਗ੍ਹਾ ’ਤੇ ਰਾਜਾਂ ਵਿੱਚ ਬੈਠੇ ਲੋਕਾਂ ਦੇ ਸੁਰ ਹੁਣ ਇੱਕਸਾਰ ਨਹੀਂ ਹਨ। ਤਾਮਿਲਨਾਡੂ ਦੇ ਨੇਤਾ ਏ.ਰਾਜਾ. ਦਾ ਬਿਆਨ, ਕਿਸਾਨੀ ਸੰਘਰਸ਼ ਵਕਤ ਸ਼ਰਦ ਪਵਾਰ, ਰਘੂ ਰਾਮ ਰਾਜਨ, ਸੰਜੇ ਰਾਉਤ, ਪ੍ਰਤਾਪ ਭਾਨੂ ਮਹਿਤਾ

ਆਦਿ ਅਜਿਹੀਆਂ ਹੋਰ ਸਖਸ਼ੀਅਤਾਂ ਦੇ ਬੜੇ ਅਹਿਮ ਬਿਆਨ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਵੀ ਪਾਰਲੀਮੈਂਟ ਵਿੱਚ ਇੰਡਿਆਂ ਦੀ ਬਣ ਰਹੀ ਨਾਜ਼ੁਕ ਹਾਲਤ ਬਾਰੇ ਕਾਫੀ ਅਹਿਮ ਤਕਰੀਰ ਦਿੱਤੀ ਸੀ। 

ਇੰਡੀਆ ਦੇ ਹਲਾਤ ਲਗਾਤਾਰ ਹੋਰ ਨਿਘਾਰ ਵੱਲ ਜਾ ਰਹੇ ਹਨ। ਏਸ਼ੀਆ ਅਤੇ ਦੁਨੀਆਂ ਪੱਧਰ ’ਤੇ ਇੰਡੀਆ ਦੇ ਹੱਕ ਵਿੱਚ ਮਹੌਲ ਚੰਗਾ ਨਹੀਂ ਬਣ ਰਿਹਾ। ਸੱਤਾ ਦੀ ਤਾਕਤ ਦਾ ਇੱਕ ਜਗ੍ਹਾ ਇਕੱਠਾ ਹੋਣਾ, ਲੋਕਾਂ ਵਿੱਚ ਵਧਦੀ ਬੇਵਿਸ਼ਵਾਸੀ, ਵਿਰੋਧੀ ਧਿਰ ਦਾ ਖਤਮ ਹੋਣਾ, ਕੁਝ ਅਜਿਹੇ ਚਿੰਨ ਹਨ ਜਿਹੜੇ ਇੰਡੀਆ ਦੇ ਚੰਗੇ ਭਵਿੱਖ ਦੀ ਤਸਵੀਰ ਪੇਸ਼ ਨਹੀਂ ਕਰਦੇ।

 

ਸੰਪਾਦਕ,

ਅੰਮ੍ਰਿਤਸਰ ਟਾਈਮਜ਼