ਫ਼ਰੀਦਕੋਟ ਹਲਕੇ ਵਿਚ ਸਰਬਜੀਤ ਸਿੰਘ ਖਾਲਸਾ ਦੇ ਹਕ ਵਿਚ ਚੋਣ ਲਹਿਰ, ਮਾਹੌਲ ਬਦਲਣ ਲੱਗਾ

ਫ਼ਰੀਦਕੋਟ ਹਲਕੇ ਵਿਚ ਸਰਬਜੀਤ ਸਿੰਘ ਖਾਲਸਾ ਦੇ ਹਕ ਵਿਚ  ਚੋਣ ਲਹਿਰ, ਮਾਹੌਲ ਬਦਲਣ ਲੱਗਾ

ਬਾਬਾ ਬੇਦੀ ਵਲੋਂ ਹਮਾਇਤ ਖਾਲਸਾ ਨੂੰ ਜਿਤਾਕੇ ਸ਼ਹੀਦਾਂ ਨੂੰ ਸਰਧਾਂਜਲੀ ਦੇਵੋ

*ਗੁਰੂ ਨਾਨਕ ਨਾਮ ਲੇਵਾ ਨੂੰ ਅਪੀਲ ਪੰਥ ਦੀ ਝੋਲੀ ਵਿਚ ਵਧ ਤੋਂ ਵਧ ਸੀਟਾਂ ਪਾਓ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫ਼ਰੀਦਕੋਟ-ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬਾਅਦ ਫ਼ਰੀਦਕੋਟ ਲੋਕ ਸਭਾ ਹਲਕਾ ਰਾਖਵਾਂ 'ਚ ਪੰਥਕ ਹਵਾਵਾਂ ਦੇ ਬੁੱਲੇ ਆਉਣ ਨਾਲ ਇੱਥੋਂ ਦਾ ਚੋਣ ਮਾਹੌਲ ਬਦਲਣਾ ਸ਼ੁਰੂ ਹੋ ਗਿਆ ਹੈ ।ਇੱਥੋਂ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਸਰਬਜੀਤ ਸਿੰਘ ਖਾਲਸਾ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਬਿਮਲ ਕੌਰ ਖਾਲਸਾ ਦੇ ਸਪੁੱਤਰ ਅਤੇ ਸਾਬਕਾ ਸੰਸਦ ਮੈਂਬਰ ਸੁੱਚਾ ਸਿੰਘ ਮਲੋਆ ਦੇ ਪੋਤਰੇ ਹਨ । ਸਰਬਜੀਤ ਸਿੰਘ ਖਾਲਸਾ ਬੇਸ਼ੱਕ ਇਸ ਚੋਣ ਪਿੜ ਵਿਚ ਦੇਰ ਨਾਲ ਆਏ ਅਤੇ ਹੁਣ ਉਹ ਆਪਣੇ ਚੋਣ ਪ੍ਰਚਾਰ ਵਿਚ ਦੂਸਰੇ ਉਮੀਦਵਾਰ ਦੇ ਬਰਾਬਰ ਚੱਲ ਰਹੇ ਹਨ ।ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਨੌਜਵਾਨ, ਅੰਮਿ੍ਤਧਾਰੀ ਸਿੱਖ, ਨਿਹੰਗ ਸਿੰਘ ਅਤੇ ਪੰਥਕ ਜਥੇਬੰਦੀਆਂ ਆਪ ਮੁਹਾਰੇ ਚੋਣ ਮੈਦਾਨ ਵਿਚ ਡਟੀਆਂ ਹੋਈਆਂ ਹਨ । ਇਸ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਸਰਬਜੀਤ ਸਿੰਘ ਖਾਲਸਾ ਇਕੱਲੇ ਜਾ ਰਹੇ ਹਨ, ਜਦੋਂ ਕਿ ਪੰਥਕ ਜਥੇਬੰਦੀਆਂ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਵਿਚ ਵੋਟਰਾਂ ਨੂੰ ਉਨ੍ਹਾਂ ਨੂੰ ਵੋਟ ਪਾਉਣ ਬਾਰੇ ਪ੍ਰੇਰਿਤ ਕਰ ਰਹੀਆਂ ਹਨ । ਇਸ ਤਰ੍ਹਾਂ ਸਮੁੱਚਾ ਲੋਕ ਸਭਾ ਹਲਕਾ ਪੰਥਕ ਹਵਾਵਾਂ ਦੇ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ । ਪਿਛਲੇ ਦਿਨੀਂ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਕੀਤੇ ਗਏ ਰੋਡ ਸ਼ੋਅ ਦੌਰਾਨ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਬਾਵਜੂਦ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਅਤੇ ਮੁੱਖ ਪੰਥਕ ਜਥੇਬੰਦੀਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਅਤੇ ਭਾਈ ਸਤਵੰਤ ਸਿੰਘ ਦੇ ਭਰਾਤਾ ਸੁਖਵੰਤ ਸਿੰਘ ਅਗਵਾਨ ਨੇ ਇਸ ਦੀ ਅਗਵਾਈ ਕੀਤੀ ।ਇਸ ਰੋਡ ਸ਼ੋਅ 'ਚ ਹਜ਼ਾਰਾਂ ਨੌਜਵਾਨਾਂ ਦਾ ਮੋਟਰਸਾਈਕਲਾਂ ਦਾ ਕਾਫ਼ਲਾ, ਪਿੱਛੇ ਚਾਰ ਪਹੀਆ ਵਾਹਨਾਂ ਦਾ ਵੱਡਾ ਕਾਫ਼ਲਾ ਕਈ ਕਿਲੋਮੀਟਰ ਲੰਬਾ ਨਜ਼ਰ ਆਇਆ ।ਇਹ ਹਲਕਾ ਜ਼ਿਆਦਾਤਰ ਪੇਂਡੂ ਹੋਣ ਕਰਕੇ ਇਸ ਵਾਰ ਇਕ ਪਿੰਡ ਇਕ ਬੂਥ ਲਗਾਉਣ ਦੀ ਆਵਾਜ਼ ਵੀ ਆਉਣੀ ਸ਼ੁਰੂ ਹੋ ਗਈ ਹੈ ।ਇਸ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਅੱਠ ਹਲਕਿਆਂ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ । ਇਸ ਵਾਰ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ ਤੇ ਜ਼ਿਆਦਾ ਨੁਕਸਾਨ 'ਆਪ' ਦੇ ਉਮੀਦਵਾਰ ਨੂੰ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ।ਜੇ ਇਹ ਮਾਹੌਲ ਅਗਲੇ ਵੋਟਾਂ ਪਾਉਣ ਵਾਲੇ ਦਿਨ ਤੱਕ ਖਾਲਸਾ ਦੇ ਹੱਕ ਵਿਚ ਵੱਧਦਾ ਗਿਆ ਤਾਂ ਇਸ ਸੀਟ 'ਤੇ ਸਥਿਤੀ ਪਲਟ ਵੀ ਸਕਦੀ ਹੈ ।ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਖਾਲਸਾ ਸੰਨ 2004 ਵਿਚ ਬਠਿੰਡਾ ਰਾਖਵਾਂ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ। ਇਸ ਹਲਕੇ ਤੋਂ ਉਨ੍ਹਾਂ ਨੇ 1 ਲੱਖ 13 ਹਜ਼ਾਰ 556 ਵੋਟਾਂ ਉਸ ਵਕਤ ਲਈਆਂ ਸਨ।

ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਜਦੋਂ ਬਾਦਲ ਅਕਾਲੀ ਦਲ ਵੇਲਾ ਵਿਹਾਅ ਚੁਕਾ ਹੈ ਤਾਂ ਸਾਨੂੰ ਖਡੂਰ ਸਾਹਿਬ ਤੋਂ ਅੰਮ੍ਰਿਤ ਪਾਲ ਸਿੰਘ, ਫਰੀਦਕੋਟ ਤੋਂ ਸਰਬਜੀਤ ਸਿੰਘ ਸਪੁੱਤਰ ਸ਼ਹੀਦ ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ,ਅਨੰਦਪੁਰ ਸਾਹਿਬ ਤੋਂ ਭਾਈ ਜਸਬੀਰ ਸਿੰਘ ਗੜੀ ਤੇ ਹੋਰ ਪੰਥ ਪ੍ਰਸਤਾਂ ਦੀ ਹਮਾਇਤ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣਾ ਸ਼ਹੀਦਾਂ ਨੂੰ ਵੱਡੀ ਸਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿਇਹ ਵੇਲਾ ਪੰਥ ਤੇ ਪੰਜਾਬ ਦੀ ਸਿਆਸਤ ਨੂੰ ਸੰਭਾਲਣ ਦਾ ਹੈ ਤੇ ਪੰਚ ਪ੍ਰਧਾਨੀ ਲੀਡਰਸ਼ਿਪ ਤਹਿਤ ਸ੍ਰੋਮਣੀ ਅਕਾਲੀ ਦਲ ਦੀ ਨਵ ਉਸਾਰੀ ਦਾ ਹੈ।ਇਸ ਕਰਕੇ ਪੰਥ ਪ੍ਰਸਤ ਆਪਸ ਵਿਚ ਤਾਲਮੇਲ ਕਰਕੇ ਇਕ ਦੂਸਰੇ ਦੀ ਮਦਦ ਕਰਨ ਤੇ ਫੁਟ ਪਾਊ ਸਿਆਸਤ ਤੋਂ ਬਚਣ।ਸਾਡਾ ਮਿਸ਼ਨ ਪੰਥ ਦੀ ਝੋਲੀ ਵਿਚ ਵਧ ਤੋਂ ਵਧ ਲੋਕ ਸੀਟਾਂ ਪ੍ਰਾਪਤ ਕਰਨ ਦਾ ਹੋਣਾ ਚਾਹੀਦਾ ਹੈ।

ਬਾਬਾ ਬੇਦੀ ਨੇ ਕਿਹਾ ਕਿ ਅਸੀਂ ਲੋਕ ਸਭਾ ਰਾਹੀਂ ਬਾਦਲਕਿਆਂ ਦਾ ਭੁਲੇਖਾ ਦੂਰ ਕਰਨਾ ਹੈ ਕਿ ਉਹ ਪੰਥ ਦੀ ਪ੍ਰਤੀਨਿਧਤਾ ਕਰਦੇ ਹਨ।ਪੰਥ ਦੀ ਦਾਅਵੇਦਾਰੀ ਗੁਰੂ ਪੰਥ ਨੂੰ ਸਮਰਪਿਤ ਉਮੀਦਵਾਰਾਂ ਦੀ ਹੋਣੀ ਚਾਹੀਦੀ ਹੈ ਜੋ ਸਰਬਤ ਦੇ ਭਲੇ ਤੇ ਸਾਂਝੀਵਾਲਤਾ ਦੀ ਸਿਆਸਤ ਸਿਰਜ ਸਕਣ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਮਹੂਰੀ ਸਿਆਸਤ ਕੇਂਦਰ ਪਖੀ ਰਾਜਨੀਤਕ ਪਾਰਟੀਆਂ ਦੇ ਹਵਾਲੇ ਨਹੀਂ ਕੀਤੀ ਜਾ ਸਕਦੀ।ਪੰਜਾਬ ਦੇ ਹਰੇਕ ਗੁਰੂ ਨਾਨਕ ਨਾਮ ਲੇਵਾ ਲਈ ਜਰੂਰੀ ਹੈ ਕਿ ਉਹ ਪੰਥ ਪ੍ਰਸਤ ਉਮੀਦਵਾਰਾਂ ਦੀ ਹਮਾਇਤ ਕਰੇ ਤਾਂ ਸੋ ਬਾਦਲ ਅਕਾਲੀ ਦਲ ਦੇ ਸਿਆਸੀ ਅੰਤ ਤੋਂ ਬਾਅਦ ਪੰਥਕ ਲੀਡਰਸ਼ਿਪ ਤੇ ਜਮਾਤ ਕਾਇਮ ਕੀਤੀ ਜਾਵੇ ,ਪੰਥ ਤੇ ਪੰਜਾਬ ਪ੍ਰਥਮ ਦੀ ਦਾਅਵੇਦਾਰੀ ਕੀਤੀ ਜਾ ਸਕੇ ,ਪੰਜਾਬ ਮਸਲੇ ਹੱਲ ਕਰਾਏ ਜਾ ਸਕਣ,ਬੰਦੀ ਸਿਖਾਂ ਨੂੰ ਰਿਹਾਅ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਦਮੁਖਤਿਆਰੀ , ਰਾਜਾਂ ਨੂੰ ਵਧ ਅਧਿਕਾਰ ਉਪਰ ਕੇਂਦਰਿਤ ਰਹਿਕੇ ਪੰਜਾਬ ਤੇ ਪੰਜਾਬੀਆਂ ਦੀ ਰਹਿਬਰੀ ਕੀਤੀ ਜਾ ਸਕਦੀ ਹੈ।ਇਸ ਦੇ ਲਈ ਦਬੇ ਕੁਚਲੇ ਭਾਈਚਾਰੇ, ਕਿਸਾਨੀ ,ਘੱਟਗਿਣਤੀਆਂ ਦੀ ਅਵਾਜ਼ ਬੁਲੰਦ ਕਰਨ ਵਾਲੇ ਤੇ ਗੁਰੂ ਨਾਨਕ ਨਾਮਲੇਵਾ ਦੀ ਸਿਆਸਤ ਪ੍ਰਮੋਟ ਕਰਨ ਵਾਲੇ ਆਗੂ ਪੰਜਾਬ ਦੀ ਅਗਵਾਈ ਕਰਨ।ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਆਪਣੇ ਮਿੱਤਰ ਬਾਬੂ ਕਾਂਸ਼ੀ ਰਾਮ,ਜਥੇਦਾਰ ਗੁਰਚਰਨ ਸਿੰਘ ਟੌਹੜਾ,ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਹੋਰ ਗੁਰੂ ਸੰਵਾਰੀ ਪੰਥਕ ਲੀਡਰਸ਼ਿਪ ਨਾਲ ਮਿਲਕੇ ਰਾਜਨੀਤਕ ਲਹਿਰ ਤੌਰੀ ਸੀ ਉਹੀ ਅਗਾਂਹ ਤੌਰਨ ਦੀ ਲੋੜ ਹੈ।ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰ ਤੇ ਅਜਾਦਾਨਾ ਹੋਂਦ ਜਰੂਰੀ ਹੈ।