ਕੋਰੋਨਾ ਦੇ ਕਹਿਰ ਕਾਰਣ ਪੰਜਾਬ ਵਿਚ ਨਵਾਂ ਸੰਕਟ, ਆਕਸੀਜਨ ਦੀ  ਘਾਟ

ਕੋਰੋਨਾ ਦੇ ਕਹਿਰ ਕਾਰਣ ਪੰਜਾਬ ਵਿਚ ਨਵਾਂ ਸੰਕਟ, ਆਕਸੀਜਨ ਦੀ  ਘਾਟ

*ਭਾਰਤ ਵਿਚ ਮਰੀਜ਼ ਆਕਸੀਜਨ ਦੀ ਕਮੀ ਕਾਰਨ ਮੌਤ ਦੀ ਭੇਟ 

*ਨਰਿੰਦਰ ਮੋਦੀ ਤੇ ਉਸ ਦੇ ਸਭ ਸਮਰਥਕ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਗਨ 

*ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਸਥਿਤੀ ਬੇਹੱਦ ਗੰਭੀਰ 

*ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਯੂਪੀ ,ਮਧ ਪ੍ਰਦੇਸ ਗੁਜਰਾਤ ਸਰਕਾਰਾਂ ਨੇ ਲਾਸ਼ਾਂ ਦੇ ਅੰਕੜੇ ਛੁਪਾਏ                                                

ਵਿਸ਼ੇਸ਼ ਰਿਪੋਟ

ਜਲੰਧਰ: ਕੋਰੋਨਾ ਨਾਲ ਸਾਲ ਭਰ ਤੋਂ ਚੱਲ ਰਹੀ ਜੰਗ ਦੇ ਵਿਚਕਾਰ ਹੁਣ ਆਕਸੀਜਨ ਦੀ ਘਾਟ ਨਾਲ ਵੀ ਜੂਝਣਾ ਪੈ ਰਿਹਾ ਹੈ। ਇਸ ਸਭ ਦੇ ਵਿਚਕਾਰ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਰਾਹੀਂ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ। ਇਸ ਵਿੱਚ ਉਨ੍ਹਾਂ ਨੇ ਜਲੰਧਰ ਜ਼ਿਲ੍ਹੇ ਲਈ ਰੋਜ਼ਾਨਾ 16 ਮੀਟ੍ਰਿਕ ਟਨ ਆਕਸੀਜਨ ਸਿਲੰਡਰ ਦੀ ਮੰਗ ਕੀਤੀ ਗਈ ਹੈ। ਆਕਸੀਜਨ ਦੀ ਘਾਟ ਹੁਣ ਕੋਰੋਨਾ ਦੇ ਮਰੀਜ਼ਾਂ ਲਈ ਵੱਡਾ ਖ਼ਤਰਾ ਹੋ ਸਕਦੀ ਹੈ ਕਿਉਂਕਿ ਜਲੰਧਰ ਜ਼ਿਲ੍ਹੇ ਵਿੱਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਵਿੱਚ ਰੋਜ਼ਾਨਾ 3000 ਤੋਂ 3500 ਸਿਲੰਡਰਾਂ ਦੀ ਖਪਤ ਹੋ ਰਹੀ ਹੈ। ਇਸ ਤੋਂ ਇਲਾਵਾ 400 ਤੋਂ 500 ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵੀ ਭੇਜੇ ਜਾ ਰਹੇ ਹਨ। ਇਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਰੋਜ਼ਾਨਾ 4000 ਸਿਲੰਡਰਾਂ ਦੀ ਜ਼ਰੂਰਤ ਹੈ। ਇਸ ਵੇਲੇ ਜ਼ਿਲ੍ਹਾ ਆਪਣੇ ਪੱਧਰ 'ਤੇ ਦੋ ਪਲਾਂਟਾਂ ਵਿੱਚੋਂ ਸਿਰਫ 2400 ਸਿਲੰਡਰ ਤਿਆਰ ਕਰਨ ਦੇ ਯੋਗ ਹੈ।ਬਾਕੀ ਤਰਲ ਆਕਸੀਜਨ ਅਜੇ ਵੀ ਪਾਣੀਪਤ, ਸੋਨੀਪਤ, ਰਾਜਪੁਰਾ ਤੇ ਬਠਿੰਡਾ ਤੋਂ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਹੁਣ ਇਨ੍ਹਾਂ ਥਾਂਵਾਂ 'ਤੇ ਵੀ ਹਾਲਾਤ ਵਿਗੜ ਰਹੇ ਹਨ। ਇਸ ਲਈ ਇਹ ਸੰਭਵ ਹੈ ਕਿ ਆਕਸੀਜਨ ਦੀ ਸਪਲਾਈ ਉਥੋਂ ਪ੍ਰਭਾਵਿਤ ਹੋ ਜਾਵੇ, ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਰੋਜ਼ਾਨਾ ਜ਼ਿਲ੍ਹੇ ਵਿੱਚ ਆਕਸੀਜਨ ਭੇਜਣਾ ਪਵੇਗੀ। ਉਨ੍ਹਾਂ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸੈਕਟਰ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਭਾਰਤ ਰਾਮ ਜੀ ਭਰੋਸੇ

ਇਸ ਸਮੇਂ ਭਾਰਤ ਦੇ ਲੋਕ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਹੇ ਹਨ । ਜੋ ਕੁਝ ਪਹਿਲੀ ਲਹਿਰ ਸਮੇਂ ਹੋਇਆ, ਉਹੀ ਇਸ ਵਾਰ ਹੋ ਰਿਹਾ ਹੈ । ਪਿਛਲੀ ਵਾਰ ਜਦੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਤਾਂ ਹਾਕਮ ਉਸ ਨਾਲ ਸਮੇਂ ਸਿਰ ਨਜਿੱਠਣ ਦੀ ਥਾਂ ਨਮਸਤੇ ਟਰੰਪ ਤੇ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਡੇਗਣ ਲਈ ਵਿਧਾਇਕ ਖਰੀਦਣ ਵਿੱਚ ਰੁੱਝੇ ਰਹੇ ।ਇਸ ਵਾਰ ਜਦੋਂ ਸਤੰਬਰ-ਅਕਤੂਬਰ ਮਹੀਨੇ ਵਿੱਚ ਬਾਕੀ ਦੇਸ਼ ਦੂਜੀ ਲਹਿਰ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕਰ ਰਹੇ ਸਨ ਤਾਂ ਭਾਰਤੀ ਸਤਾਧਾਰੀ ਕੋਰੋਨਾ ਦੀ ਜੰਗ ਵਿੱਚ ਜਿੱਤ ਹਾਸਲ ਕਰ ਲੈਣ ਦੇ ਜਸ਼ਨ ਮਨਾ ਰਹੇ ਸਾਂ । ਇਸੇ ਜਿੱਤ ਦੀ ਖੁਸ਼ੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਸਭ ਸਮਰਥਕ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਗਨ ਸਨ ।ਜਦੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤ ਹੀ ਲਈ ਫਿਰ ਨਾ ਮਾਸਕ ਦੀ ਲੋੜ ਰਹੀ ਨਾ ਦੋ ਗਜ਼ ਦੂਰੀ ਦੀ | ਕੋਰੋਨਾ ਵੈਕਸੀਨ ਆਈ ਤਾਂ ਆਪਣੇ ਲੋਕਾਂ ਨੂੰ ਲਾਉਣ ਦੀ ਥਾਂ ਵਪਾਰੀ ਬਣ ਗਏ ਤੇ ਧੜਾਧੜ ਦੂਜੇ ਦੇਸ਼ਾਂ ਨੂੰ ਵੈਕਸੀਨ ਦੀ ਸਪਲਾਈ ਸ਼ੁਰੂ ਕਰ ਦਿੱਤੀ । ਇਸ ਸਮੇਂ ਹਾਲਤ ਬਦ ਤੋਂ ਬਦਤਰ ਹੋ ਚੁੱਕੇ ਹਨ । ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ । ਹਸਪਤਾਲਾਂ ਵਿੱਚ ਨਾ ਲੋੜ ਮੁਤਾਬਕ ਬੈੱਡ ਹਨ, ਨਾ ਲੋੜੀਂਦੀ ਦਵਾਈ ਹੈ, ਨਾ ਵੈਂਟੀਲੇਟਰ ਪੂਰੇ ਹਨ ਤੇ ਨਾ ਆਕਸੀਜਨ ਮਿਲ ਰਹੀ ਹੈ । ਲੋਕ ਆਪਣੇ ਨੇੜਲਿਆਂ ਨੂੰ ਚੁੱਕੀ ਇੱਕ ਹਸਪਤਾਲ 'ਚੋਂ ਦੂਜੇ ਵੱਲ ਦੌੜੇ ਫਿਰ ਰਹੇ ਹਨ, ਪਰ ਕੋਈ ਦਾਖਲ ਨਹੀਂ ਕਰ ਰਿਹਾ । ਗੰਭੀਰ ਮਰੀਜ਼ ਆਕਸੀਜਨ ਦੀ ਕਮੀ ਕਾਰਨ ਦਮ ਤੋੜ ਰਹੇ ਹਨ । ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ ਦੇ ਵਿਹੜੇ ਲਾਸ਼ਾਂ ਨਾਲ ਭਰ ਜਾਣ ਬਾਅਦ ਸੜਕਾਂ 'ਤੇ ਲਾਸ਼ਾਂ ਲੱਦੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਚੁੱਕੀਆਂ ਹਨ । ਭਾਜਪਾ ਸ਼ਾਸਤ ਰਾਜਾਂ ਵਿੱਚੋਂ ਆ ਰਹੀਆਂ ਖ਼ਬਰਾਂ ਸ਼ਰਮਸਾਰ ਕਰਨ ਵਾਲੀਆਂ ਹਨ । ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਲਾਸ਼ਾਂ ਦੇ ਅੰਕੜੇ ਛੁਪਾਏ ਜਾ ਰਹੇ ਹਨ | ਮੱਧ ਪ੍ਰਦੇਸ਼ ਵਿੱਚ ਪਿਛਲੇ 5 ਦਿਨਾਂ ਵਿੱਚ 356 ਕੋਵਿਡ ਮਰੀਜ਼ਾਂ ਦਾ ਸਸਕਾਰ ਹੋਇਆ, ਸਰਕਾਰੀ ਅੰਕੜੇ 21 ਦੱਸ ਰਹੇ ਹਨ । ਗੁਜਰਾਤ ਵਿੱਚ ਤਾਂ ਹਾਈਕੋਰਟ ਅੰਕੜੇ ਛੁਪਾਉਣ ਲਈ ਸਰਕਾਰ ਨੂੰ ਫਿਟਕਾਰਾਂ ਪਾ ਚੁੱਕੀ ਹੈ । ਯੂ ਪੀ ਦੀ ਯੋਗੀ ਸਰਕਾਰ ਨੇ 15 ਅਪ੍ਰੈਲ ਨੂੰ 24 ਘੰਟਿਆਂ 'ਚ ਸਾਰੇ ਰਾਜ ਵਿੱਚ 104 ਮੌਤਾਂ ਹੋਣ ਦਾ ਬੁਲੇਟਿਨ ਜਾਰੀ ਕੀਤਾ ਸੀ, ਪਰ ਉਸ ਦਿਨ ਇਕੱਲੇ ਲਖਨਊ ਵਿੱਚ 108 ਕੋਵਿਡ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਗਿਆ । 14 ਅਪ੍ਰੈਲ ਨੂੰ ਲਖਨਊ ਦੇ ਦੋ ਸ਼ਮਸ਼ਾਨਘਾਟਾਂ ਵਿੱਚ 101 ਲਾਸ਼ਾਂ ਦਾ ਦਾਹ ਸੰਸਕਾਰ ਹੋਇਆ, ਪਰ ਸਰਕਾਰੀ ਅੰਕੜਿਆਂ ਵਿੱਚ ਇਹ ਗਿਣਤੀ 21 ਦੱਸੀ ਗਈ ।

ਹਾਕਮ ਅਸੀਂ ਏਨੇ ਬੇਸ਼ਰਮ ਚੁਣੇ ਹਨ ਕਿ ਜੇਕਰ ਕੋਈ ਲੋਕਾਂ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਚਾਰੇ ਪੌੜ ਚੁੱਕ ਕੇ ਪੈ ਜਾਂਦੇ ਹਨ । ਜਦੋਂ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਵਿਦੇਸ਼ੀ ਵੈਕਸੀਨਾਂ ਨੂੰ ਜਲਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜਵਾਬ ਆਇਆ ਤੂੰ ਉਨ੍ਹਾਂ ਦਾ ਏਜੰਟ ਹੈਾ ।ਬੇਸ਼ਰਮੀ ਏਨੀ ਕਿ ਤਿੰਨ ਦਿਨਾਂ ਬਾਅਦ ਉਹੀ ਕਰਨਾ ਪਿਆ । 19 ਜਨਵਰੀ ਨੂੰ ਮੋਦੀ ਨੇ ਕਿਹਾ ਸੀ ਕਿ ਸਾਨੂੰ ਦੁਨੀਆ ਨੂੰ ਵੈਕਸੀਨ ਦੇਣ 'ਤੇ ਮਾਣ ਹੋ ਰਿਹਾ ਹੈ । ਅੱਜ ਨੌਬਤ ਇਹ ਆ ਗਈ ਹੈ ਕਿ ਅਸੀਂ ਦਾਨੀ ਦੀ ਥਾਂ ਭਿਖਾਰੀ ਬਣ ਗਏ ਹਾਂ ।ਵਿਦੇਸ਼ਾਂ 'ਚੋਂ ਵੈਕਸੀਨ ਮਿਲਣ ਵਿੱਚ ਸਮਾਂ ਲਗਦਾ ਹੈ | ਉਨ੍ਹਾਂ ਕੋਲ ਹੋਰ ਦੇਸ਼ਾਂ ਦੇ ਵੀ ਆਰਡਰ ਹਨ, ਪਹਿਲਾਂ ਉਹ ਉਨ੍ਹਾਂ ਨੂੰ ਪੂਰਾ ਕਰਨਗੇ ।ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਨੂੰ ਖਤ ਲਿਖ ਕੇ ਕਿਹਾ ਸੀ ਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਦਦ ਦਿੱਤੀ ਜਾਵੇ, ਤਾਂ ਜੋ ਉਹ ਉਤਪਾਦਨ ਵਧਾ ਸਕਣ । ਇਸ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾ ਦੀ ਪਾਰਟੀ ਸੰਬੰਧੀ ਮਿਹਣੇ ਮਾਰਦੇ ਰਹੇ, ਪਰ ਉਸੇ ਦਿਨ ਹੀ ਸਰਕਾਰ ਨੂੰ ਕਹਿਣਾ ਪਿਆ ਕਿ ਉਹ ਕੰਪਨੀਆਂ ਨੂੰ ਮਦਦ ਦੇਵੇਗੀ ।

ਸਰਕਾਰ ਨੇ ਵੈਕਸੀਨੇਸ਼ਨ ਦਾ ਸਿਹਰਾ ਆਪਣੇ ਸਿਰ ਲੈਣ ਲਈ ਇਹ ਐਲਾਨ ਕਰ ਦਿੱਤਾ ਕਿ ਉਹੀ ਲੋਕਾਂ ਦੇ ਵੈਕਸੀਨ ਲਾਵੇਗੀ, ਪਰ ਕੁਝ ਦਿਨਾਂ ਤੋਂ ਬਾਅਦ ਹੀ ਸਰਕਾਰ ਦਾ ਦਮ ਫੁੱਲ ਗਿਆ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨਾ ਪਿਆ ।ਰਾਹੁਲ ਗਾਂਧੀ ਨੇ ਕਿਹਾ ਸੀ ਕਿ 45 ਸਾਲ ਦੀ ਹੱਦ ਘਟਾ ਕੇ 18 ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨੇ ਉਸ ਦਾ ਠੋਕਵਾਂ ਜਵਾਬ ਦਿੱਤਾ ਸੀ ਕਿ ਇਹ ਨਹੀਂ ਹੋ ਸਕਦਾ । ਹੁਣ ਉਸੇ ਸੁਝਾਅ 'ਤੇ ਅਮਲ ਕਰਦਿਆਂ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਵਾਉਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ, ਪਰ ਇਹ ਮੁਫ਼ਤ 'ਚ ਨਹੀਂ ਪੈਸੇ ਖਰਚ ਕੇ ਲਵਾਉਣੇ ਪੈਣਗੇ ਤੇ ਕੀਮਤ ਕੰਪਨੀਆਂ ਤੈਅ ਕਰਨਗੀਆਂ, ਪਰ ਵੱਡਾ ਸਵਾਲ ਇਹ ਹੈ ਕਿ ਏਨੇ ਟੀਕੇ ਆਉਣਗੇ ਕਿਥੋਂ? ਇਸ ਸਮੇਂ ਦੋਵੇਂ ਕੰਪਨੀਆਂ 8 ਕਰੋੜ ਵੈਕਸੀਨ ਖੁਰਾਕਾਂ ਪ੍ਰਤੀ ਮਹੀਨਾ ਬਣਾ ਰਹੀਆਂ ਹਨ | ਇਹ ਕੰਪਨੀਆਂ ਸਰਕਾਰ ਦੀ ਮਨਜ਼ੂਰੀ ਨਾਲ 60 ਦੇਸ਼ਾਂ ਨੂੰ ਵੈਕਸੀਨ ਦੇਣ ਦੇ ਸਮਝੌਤੇ ਕਰ ਚੁੱਕੀਆਂ ਹਨ । ਉਨ੍ਹਾਂ ਨੂੰ ਇਹ ਕਰਾਰ ਵੀ ਪੂਰੇ ਕਰਨੇ ਪੈਣਗੇ । ਕੁਝ ਦੇਸ਼ਾਂ ਵੱਲੋਂ ਤਾਂ ਕੰਪਨੀਆਂ ਨੂੰ ਲੀਗਲ ਨੋਟਿਸ ਵੀ ਮਿਲ ਚੁੱਕੇ ਹਨ । ਇਸ ਦਾ ਇੱਕੋ ਰਾਹ ਹੈ ਕਿ ਕੰਪਨੀਆਂ ਦੀ ਉਤਪਾਦਨ ਸਮਰੱਥਾ ਵਧਾਈ ਜਾਵੇ | ਇਸ ਲਈ ਪੈਸੇ ਦੀ ਜ਼ਰੂਰਤ ਹੋਵੇਗੀ ਤੇ ਪਲਾਂਟ ਖੜ੍ਹਾ ਕਰਨ ਲਈ ਵੀ ਸਮਾਂ ਲੱਗੇਗਾ ।ਬਾਕੀ ਘਾਟਾਂ, ਬੈੱਡ, ਦਵਾਈ ਆਦਿ ਤਾਂ ਪਹਿਲੀ ਲਹਿਰ ਵਾਲੀਆਂ ਹੀ ਹਨ, ਪਰ ਐਤਕੀਂ ਆਕਸੀਜਨ ਦੀ ਘਾਟ ਸਿਖਰ ਉੱਤੇ ਪੁੱਜ ਚੁੱਕੀ ਹੈ | ਜਦੋਂ ਰਾਜਾਂ ਨੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕੀਤਾ ਤਾਂ ਸਮੀਖਿਆ ਮੀਟਿੰਗ ਕੀਤੀ ਗਈ । ਇੰਡਸਟ੍ਰੀਅਲ ਸਪਲਾਈ ਬੰਦ ਕਰ ਦਿੱਤੀ ਗਈ, ਦਰਾਮਦ ਹੋਵੇਗੀ ਤੇ ਫਿਰ ਟਰੇਨਾਂ ਰਾਹੀਂ ਆਕਸੀਜਨ ਹਸਪਤਾਲਾਂ ਵਿੱਚ ਪੁੱਜੇਗੀ, ਉਦੋਂ ਤੱਕ ਕਿੰਨਿਆਂ ਦੇ ਸਾਹ ਮੁੱਕ ਜਾਣਗੇ, ਕਿਸੇ ਨੂੰ ਫਿਕਰ ਨਹੀਂ । ਇਸ ਸਮੇਂ ਰੋਜ਼ਾਨਾ ਦੇ ਕੇਸ ਪੌਣੇ ਤਿੰਨ ਲੱਖ ਦੇ ਨੇੜੇ ਪੁੱਜ ਚੁੱਕੇ ਹਨ । ਸਿਹਤ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਮਈ ਦੇ ਅੱਧ ਤੱਕ ਰੋਜ਼ਾਨਾ ਦਾ ਅੰਕੜਾ 5 ਲੱਖ ਤੱਕ ਪੁੱਜ ਸਕਦਾ ਹੈ ।ਹਰ ਪਾਸੇ ਰਾਮ ਨਾਮ ਸੱਤ ਹੋ ਰਹੀ ਹੈ ਤੇ ਸਮੁੱਚੇ ਦੇਸ਼ ਵਾਸੀ ਰਾਮ ਜੀ ਭਰੋਸੇ ਜੀ ਰਹੇ ਹਨ ।