ਕੈਰੋਂ ਨੂੰ ਅਕਾਲੀ ਦਲ ਵਿਚੋਂ ਬਾਹਰ ਕੱਢਣ ਕਾਰਣ ਅਕਾਲੀ ਦਲ ਵਿਚ ਭਾਰੀ ਫੁੱਟ

ਕੈਰੋਂ ਨੂੰ ਅਕਾਲੀ ਦਲ ਵਿਚੋਂ ਬਾਹਰ ਕੱਢਣ ਕਾਰਣ ਅਕਾਲੀ ਦਲ ਵਿਚ ਭਾਰੀ ਫੁੱਟ

*ਕੀ ਅੰਮ੍ਰਿਤ ਪਾਲ ਕਾਰਣ  ਕੈਰੋਂ ਦੀ ਸਿਆਸੀ ਬਲੀ ਚੜੀ?

*ਭਾਈ ਮਨਜੀਤ ਸਿੰਘ ਨੇ ਅਸਤੀਫਾ ਦਿਤਾ,ਮਲੂਕਾ ਮੋਦੀ ਦੇ ਪੱਖ ਵਿਚ,ਜਗੀਰ ਕੌਰ ਤੇ ਢੀਂਡਸਾ ਸੁਖਬੀਰ ਨੂੰ ਕੋਸਣ ਲਗੇ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ  ਦੇ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ । ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਉਨ੍ਹਾਂ ਦੀ ਸ਼ਿਕਾਇਤ ਸੁਖਬੀਰ ਸਿੰਘ ਬਾਦਲ ਨੂੰ ਕੀਤੀ ਸੀ ਕਿ ਼ ਕੈਰੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਨ । ਸੂਤਰਾਂ ਤੋਂ ਪਤਾ ਲਗਾ ਕਿ ਕੈਰੋਂ ਧੜੇ ਦੇ ਵਰਕਰ ਖਡੂਰ ਸਾਹਿਬ ਤੋਂ ਅੰਮ੍ਰਿਤ ਪਾਲ ਦੇ ਹਕ ਵਿਚ ਸਰਗਰਮ ਹਨ।ਕੈਰੋਂ ਵਲਟੋਹਾ ਦੀ ਮਦਦ ਨਹੀਂ ਕਰ ਰਹੇ ਸਨ।ਇਹ ਵੀ ਪਤਾ ਲਗਾ ਹੈ ਕਿ ਸੁਖਬੀਰ ਦੀ ਕੈਰੋਂ ਨਾਲ  ਕਾਫੀ ਅਰਸੇ ਤੋਂ ਠਣੀ ਹੋਈ ਸੀ।

ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾ ਸਿਰਫ ਪਾਰਟੀ ਦੇ ਸੀਨੀਅਰ ਆਗੂ ਹਨ, ਸਗੋਂ ਪੰਜਾਬ ਸੂਬੇ ਦੇ ਤੀਜੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਨਾਲ ਸਬੰਧਤ ਹਨ। ਇੰਨਾ ਹੀ ਨਹੀਂ ਆਦੇਸ਼ ਪ੍ਰਤਾਪ ਸਿੰਘ ਬਾਦਲ ਪਰਿਵਾਰ ਦੇ ਜਵਾਈ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਜੀਜਾ ਹਨ। ਕੈਰੋਂ ਪਰਿਵਾਰ ਸਿਰਫ਼ ਤਰਨਤਾਰਨ ਪੱਟੀ ਵਿੱਚ ਹੀ ਨਹੀਂ ਸਗੋਂ ਪੂਰੇ ਸੂਬੇ ਵਿੱਚ ਪਛਾਣਿਆ ਜਾਂਦਾ ਹੈ।

ਕੈਰੋਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਕਾਰਣ  ਅਕਾਲੀ ਦਲ ਬਾਦਲ ਵਿਚ ਭਾਰੀ ਫੁਟ ਦਿਖਾਈ ਦੇ ਰਹੀ  ਹੈ । ਕੋਈ ਵੀ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਦੇ ਇਸ ਫੁਰਮਾਨ ਦੀ ਹਮਾਇਤ ਨਹੀਂ ਕਰ ਰਿਹਾ।ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ  ਅਕਾਲੀ ਦਲ ਵਿਰਸਾ ਸਿੰਘ ਵਲਟੋਹਾ ਹੀ ਸੁਖਬੀਰ ਸਿੰਘ ਬਾਦਲ ਦੇ ਇਸ ਸਟੈਂਡ ਦੇ ਹੱਕ ਵਿਚ ਨਿਤਰੇ ਹਨ। ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਵਲਟੋਹਾ ਨੇ ਕਿਹਾ ਕਿ  ਸਰਦਾਰਾ! ਅੱਜ ਦਿਲ ਜਿੱਤ ਲਿਆ ਈ। ਮੇਰੀ ਜਾਨ ਵੀ ਹਾਜ਼ਰ ਹੈ ਤੇਰੀ ਲਈ। ਤੇਰੇ ਇਸ ਵੱਡੇ ਫੈਸਲੇ ਕਰਕੇ ਮੈਂ ਅੱਜ ਹੀ ਚੋਣ ਜਿੱਤ ਗਿਆ ਹਾਂ। ਧੰਨਵਾਦ ਪ੍ਰਧਾਨ ਜੀ।ਉਨ੍ਹਾਂ ਕਿਹਾ ਕਿ  ਕੈਰੋ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਈ ਵਾਰ ਉਹਨਾਂ ਨੂੰ ਐਸਾ ਕਰਨ ਤੋਂ ਸਮਝਾਇਆ ਗਿਆ ਪਰ ਉਹ ਬਾਜ ਨਹੀਂ ਆਏ। ਜਿਸ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ।

ਇਹ ਜੱਗ ਜਾਹਿਰ ਹੈ ਕਿ  ਕੈਰੋਂ ਅਤੇ ਪ੍ਰੋ.  ਵਲਟੋਹਾ ਵਿਚ 36 ਦਾ ਅੰਕੜਾ ਚੱਲ ਰਿਹਾ ਹੈ । ਪਤਾ ਲੱਗਾ ਹੈ ਕਿ ਉਮੀਦਵਾਰ ਦੀ ਚੋਣ ਤੋਂ ਪਹਿਲਾਂ ਹੀ ਹਲਕਾ ਇੰਚਾਰਜਾਂ ਦੀ ਮੀਟਿੰਗ ਦੌਰਾਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਉਣ ਦਾ ਵੀ ਵਿਰੋਧ ਕੀਤਾ ਗਿਆ ਸੀ, ਪਰ ਸੁਖਬੀਰ ਨੇ ਇਸ ਸਭ ਦੀ ਪ੍ਰਵਾਹ ਕੀਤੇ ਬਿਨਾਂ ਪੋ੍ਰ੍ਰ. ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਸੀ। 

ਅਕਾਲੀ ਦਲ ਨੂੰ ਸਟਾਰ ਪ੍ਰਚਾਰਕਾਂ ਦੀ ਕਮੀ

ਅਕਾਲੀ ਆਗੂਆਂ ਦੀ ਨਰਾਜ਼ਗੀ ਕਾਰਣ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਚੋਣਾਂ ਦੇ ਇਸ ਦੰਗਲ ਦੌਰਾਨ  ਸਟਾਰ ਪ੍ਰਚਾਰਕਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਹੀ ਬਾਦਲ ਅਕਾਲੀ ਦਲ  ਸਟਾਰ ਪ੍ਰਚਾਰਕਾਂ ਦੀ ਸੂਚੀ ਹੀ ਜਾਰੀ ਨਹੀਂ ਕਰ ਸਕਿਆ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਆਪ  ਪਾਰਟੀ ਵੱਲੋਂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ।ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀਆਂ ਚੋਣਾਂ ਮੌਕੇ ਜਾਰੀ ਕੀਤੀ ਜਾਣ ਵਾਲੀ ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜੇਕਰ ਦੇਖਿਆ ਜਾਵੇ ਤਾਂ ਜਿਆਦਾਤਰ ਸਟਾਰ ਪ੍ਰਚਾਰਕ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਨਹੀਂ ਹਨ। ਪਿਛਲੀਆਂ ਚੋਣਾਂ ਮੌਕੇ ਐਲਾਨੇ ਗਏ ਜਿਆਦਾਤਰ ਸਟਾਰ ਪ੍ਰਚਾਰਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹੋਰ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋ ਗਏ ਹਨ ਜਾਂ ਫਿਰ ਕੁਝ ਸਟਾਰ ਪ੍ਰਚਾਰਕ ਆਪਣੇ ਘਰ ਵਿਚ ਹੀ ਬੈਠੇ ਹਨ ਅਤੇ ਪਾਰਟੀ ਲਈ ਆਪਣੇ ਲੋਕ ਸਭਾ ਹਲਕੇ ਵਿਚ ਵੀ ਪ੍ਰਚਾਰ ਨਹੀਂ ਕਰ ਰਹੇ ਹਨ।  ਅਕਾਲੀ ਦਲ ਵਿੱਚ ਇਸ ਸਮੇਂ ਸਿਰਫ਼ ਸੁਖਬੀਰ  ਹੀ ਪੰਜਾਬ ਭਰ ਵਿਚ ਪ੍ਰਚਾਰ ਕਰ ਰਹੇ ਹਨ।ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਤੇ ਸੀਨੀਅਰ ਨੇਤਾ ਸਿੰਕਦਰ ਸਿੰਘ ਮਲੂਕਾ ਚੁਪ ਕਰਕੇ ਬੈਠੇ ਹਨ। ਬੀਬੀ ਜਾਗੀਰ ਕੌਰ ਵੀ ਸਿਰਫ ਜਲੰਧਰ ਹਲਕੇ ਵਿਚ ਕਦੇ ਕਦਾਈਂ ਸਰਗਰਮ ਹੋਏ ਹਨ।ਜਦ ਕਿ ਬਾਦਲ ਦਲ ਦੇ ਸੀਨੀਅਰ ਨੇਤਾ ਤੇ ਸੁਖਬੀਰ ਸਿੰਘ ਬਾਦਲ ਦਾ ਜੀਜਾ ਆਦੇਸ਼ ਪ੍ਰਤਾਪ ਸਿੰਘ ਵੀ  ਬਾਦਲ ਦਲ ਦੇ ਹੱਕ ਵਿਚ ਸਰਗਰਮ ਨਹੀਂ ਹੋਏ।ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਸਿੰਘ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਰਿਸ਼ਤਿਆਂ ਵਿੱਚ ਤਨਾਅ ਬਾਰੇ ਕਈ ਵਾਰ ਬਿਆਨ ਦੇ ਚੁੱਕੇ ਹਨ ।

ਸਮਝਿਆ ਜਾਂਦਾ ਹੈ ਕਿ ਇਕ ਦੋ ਦਿਨਾਂ ਵਿਚ ਹੀ ਕੈਰੋਂ ਅੰਮਿ੍ਤਪਾਲ ਸਿੰਘ ਦੇ ਹੱਕ ਵਿਚ ਸ਼ਰੇਆਮ ਨਿੱਤਰ ਸਕਦੇ ਹਨ । ਜੇਕਰ ਕੈਰੋਂ ਅੰਮਿ੍ਤਪਾਲ ਸਿੰਘ ਦੀ ਹਮਾਇਤ ਕਰਦੇ ਹਨ ਤਾਂ ਜਿਥੇ ਪੱਟੀ ਹਲਕੇ ਵਿਚ ਅਕਾਲੀ ਦਲ ਦੀ ਹਾਲਤ ਕਾਫ਼ੀ ਪਤਲੀ ਹੋਵੇਗੀ, ਉਥੇ ਹੋਰਨਾਂ ਹਲਕਿਆਂ ਵਿਚ ਵੀ ਅਕਾਲੀ ਦਲ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ।ਕੈਰੋਂ ਨੇ ਕਿਹਾ ਕਿ ਉਹ ਹੋਰ ਕੋਈ ਪਾਰਟੀ ਜਾਇਨ ਨਹੀਂ ਕਰ ਰਹੇ।

ਸੁਖਬੀਰ ਸਿੰਘ ਬਾਦਲ ਦੇ ਸਟੈਂਡ ਉਪਰ ਅਕਾਲੀ ਲੀਡਰਾਂ ਵਿਚ ਹੈਰਾਨੀ

ਸੀਨੀਅਰ ਅਕਾਲੀ ਆਗੂ ਤੇ ਪੱਟੀ ਹਲਕੇ ਤੋਂ ਚਾਰ ਵਾਰ ਵਿਧਾਇਕ ਅਤੇ ਤਿੰਨ ਵਾਰ ਕੈਬਨਿਟ ਮੰਤਰੀ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖ਼ਿਲਾਫ਼ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੇ ਲਏ ਗਏ ਫ਼ੈਸਲੇ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਹੈਰਾਨੀ ਪਾਈ ਜਾ ਰਹੀ ਹੈ ।ਅਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸਾਬਕਾ ਆਈ.ਏ.ਐਸ. ਅਧਿਕਾਰੀ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਕੇ ਚੋਣ ਲੜਨ ਅਤੇ ਮਲੂਕਾ ਦੇ ਪੁੱਤਰ ਵਲੋਂ ਸ਼ਰੇਆਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਚੋਣ ਮੁਹਿੰਮ ਵਿੱਢਣ ਅਤੇ ਮਲੂਕਾ ਵਲੋਂ ਇਸ ਚੋਣ ਵਿਚ ਧਾਰੀ ਚੁੱਪੀ ,ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਅਤੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਤੋਂ ਵੱਟੀ ਕੰਨੀ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕਿਸੇ ਕਿਸਮ ਦੀ ਕਾਰਵਾਈ ਨਾ ਕਰਨਾ ਵੀ ਸਿਆਸੀ ਮਾਹਿਰਾਂ ਨੂੰ ਰਾਸ ਨਹੀਂ ਆ ਰਿਹਾ ।ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਆਖਦੇ ਹਨ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ਜਿਸ ਦੇ ਆਧਾਰ ’ਤੇ ਕੋਈ ਕਾਰਵਾਈ ਉਨ੍ਹਾਂ ਖ਼ਿਲਾਫ਼ ਕਰਨੀ ਬਣਦੀ ਹੋਵੇ।

ਸਿਆਸੀ ਹਲਕੇ ਆਖਦੇ ਹਨ ਕਿ ਸਾਬਕਾ ਮੰਤਰੀ ਮਲੂਕਾ ਨੇ ਤਾਂ ਫ਼ਰੀਦਕੋਟ ਹਲਕੇ ਤੋਂ ਪਾਰਟੀ ਉਮੀਦਵਾਰ ਰਾਜਵਿੰਦਰ ਸਿੰਘ ਲਈ ਵੀ ਕੋਈ ਚੋਣ ਜਲਸਾ ਨਹੀਂ ਕੀਤਾ ਹੈ। ਇੱਥੋਂ ਤੱਕ ਕਿ ਪਾਰਟੀ ਉਮੀਦਵਾਰ ਨੇ ਪਿੰਡ ਮਲੂਕਾ ਵਿੱਚ ਹੋਏ ਚੋਣ ਪ੍ਰੋਗਰਾਮ ਵਿਚੋਂ ਵੀ ਮਲੂਕਾ ਗ਼ੈਰਹਾਜ਼ਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਜੇਕਰ ਮਲੂਕਾ ਖ਼ਿਲਾਫ਼ ਕਾਰਵਾਈ ਕੀਤੀ ਗਈ ਤਾਂ ਮਲੂਕਾ ਖੁੱਲ੍ਹ ਕੇ ਭਾਜਪਾ ਦੀ ਹਮਾਇਤ ਵਿੱਚ ਕੁੱਦ ਪੈਣਗੇ ਅਤੇ ਅਕਾਲੀ ਉਮੀਦਵਾਰ ਬੀਬੀ ਬਾਦਲ ਲਈ ਨਵਾਂ ਸੰਕਟ ਪੈਦਾ ਹੋ ਜਾਵੇਗਾ ਹੈ। ਇੱਕ ਸੀਨੀਅਰ ਆਗੂ ਨੇ ਕਿਹਾ ਕਿ ਚੋਣਾਂ ਤੱਕ ਮਲੂਕਾ ਖ਼ਿਲਾਫ਼ ਕੋਈ ਕਾਰਵਾਈ ਹੁੰਦੀ ਨਹੀਂ ਜਾਪਦੀ ਹੈ।

ਜਦਕਿ ਕੈਰੋਂ ਦੇ ਖ਼ਿਲਾਫ਼ ਇਕਦਮ ਕੀਤੀ ਕਾਰਵਾਈ ਦਾ ਸ਼ੋ੍ਮਣੀ ਅਕਾਲੀ ਦਲ ਨੂੰ ਕੀ ਫ਼ਾਇਦਾ ਹੋਵੇਗਾ, ਇਸ ਬਾਰੇ ਵੀ ਅਕਾਲੀਆਂ ਵਿਚ ਚਰਚਾ ਬਣੀ ਹੋਈ ਹੈ । 

ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਦੋਵਾਂ ਆਗੂਆਂ ਨੇ ਕੈਰੋਂ ਨੂੰ ਕੱਢਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਦੇਸ਼ ਪ੍ਰਤਾਪ ਕੈਰੋਂ ਦੇ ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਮਤਭੇਦ ਹੋ ਸਕਦੇ ਹਨ ਪਰ ਉਹ ਪਾਰਟੀ ਦੇ ਹੱਕ ਵਿੱਚ ਹਨ।ਪਰ ਚੋਣਾਂ ਦੇ ਵਿਚਕਾਰ ਅਜਿਹਾ ਫੈਸਲਾ ਲੈਣਾ ਠੀਕ ਨਹੀਂ ਹੈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ  ਕਮੇਟੀ ਦੇ ਮੈਂਬਰ, ਦਮਦਮੀ ਟਕਸਾਲ ਦੇ ਮੁਖੀ ਰਹੇ ਸੰਤ ਕਰਤਾਰ ਸਿੰਘ ਭਿੰਡਰਾਵਾਲਿਆਂ ਦੇ ਸਪੁੱਤਰ ਅਤੇ ਸ਼ਹੀਦ ਅਮਰੀਕ ਸਿੰਘ ਦੇ ਭਰਾਤਾ ਭਾਈ ਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਹੁਣ ਕੋਈ ਪੰਥਕ ਏਜੰਡਾ ਨਹੀਂ ਰਿਹਾ ਅਤੇ ਸਿਰਫ਼ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਤਰਨ ਤਾਰਨ ਤੋਂ ਵਾਰਿਸ ਪੰਜਾਬ ਦੇ ਮੁਖੀ ਅਤੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ, ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਬੇਅੰਤ ਸਿੰਘ ਅਤੇ ਫ਼ਿਰੋਜ਼ਪੁਰ ਤੋਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਸਮਰਥਨ ਦਿੰਦਿਆਂ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਕੁੱਦਣ ਦਾ ਐਲਾਨ ਵੀ ਕੀਤਾ। 

ਬਾਦਲਕਿਆਂ ਦੀ ਸਿਆਸੀ ਹੋਂਦ ਦਾ ਕੀ ਬਣੇਗਾ?

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਬਠਿੰਡਾ ਸੀਟ ਨਾ ਜਿਤ ਸਕਿਆ ਤੇ ਅੰਮ੍ਰਿਤ ਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤ ਗਿਆ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੈਲਿੰਜ ਹੋ ਸਕਦਾ ਹੈ।ਸੁਖਬੀਰ ਬਾਦਲ ਉਪਰ ਪਹਿਲਾਂ ਹੀ ਅਕਾਲੀ ਲੀਡਰ ਦੋਸ਼ ਹਨ ਲਗਾ ਚੁਕੇ ਹਨ ਕਿ ਉਨ੍ਹਾਂ ਨੇ ਅਕਾਲੀ ਦਲ ਵਿਚੋਂ ਜਮਹੂਰੀਅਤ ਖਤਮ ਕਰ ਦਿਤੀ ਹੈ। ਕੈਰੋਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਕਾਰਣ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਭਾਰੀ ਨਰਾਜ਼ਗੀ ਹੈ।ਸਿਆਸੀ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਇਸ ਫੁਟ ਕਾਰਣ ਹਰਸਿਮਰਤ ਕੌਰ  ਬਾਦਲ ਬਠਿੰਡਾ ਤੋਂ ਹਾਰ ਗਈ ਤੇ ਅੰਮ੍ਰਿਤ ਪਾਲ ਸਿੰਘ ਖਡੂਰ ਸਾਹਿਬ ਤੋਂ ਜਿਤ ਗਿਆ ਤਾਂ ਇਹ ਬਾਦਲ ਦਲ ਤੇ ਸੁਖਬੀਰ ਦੀ ਪ੍ਰਧਾਨਗੀ ਲਈ ਵੱਡਾ ਚੈਲਿੰਜ ਹੋਵੇਗਾ।ਬਾਦਲਕਿਆਂ ਦੀ ਸਿਆਸੀ ਹੋਂਦ ਦਾ ਕੀ ਬਣੇਗਾ ਲੋਕ ਸਭਾ ਚੋਣਾਂ ਬਾਅਦ ਹੀ ਪਤਾ ਲਗ ਸਕੇਗਾ।

ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਪਰਮੋਟਿਡ ਅਕਾਲੀ ਲੀਡਰ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਇਸ ਚੈਲਿੰਜ ਨੂੰ ਕਿਵੇਂ ਨਿਬੜਦੇ ਹਨ ਇਹ ਵੱਡਾ ਸੁਆਲ ਹੈ?