ਗੁਜਰਾਤ ਦੇ ਲੋਕਾਂ ਵਿਚ ਗਾਂ ਦਾ ਮੂਤ ਪੀਣ ਦੀ ਲੱਗੀ ਦੌੜ

ਗੁਜਰਾਤ ਦੇ ਲੋਕਾਂ ਵਿਚ ਗਾਂ ਦਾ ਮੂਤ ਪੀਣ ਦੀ ਲੱਗੀ ਦੌੜ

ਗਾਂਧੀਨਗਰ: ਕੋਰੋਨਾਵਾਇਰਸ ਫੈਲਣ ਦੇ ਮੁਢਲੇ ਦਿਨਾਂ ਵਿਚ ਕੁੱਝ ਹਿੰਦੂ ਸੰਗਠਨਾਂ ਵੱਲੋਂ ਗਾਂ ਦਾ ਮੂਤ ਪੀਣ ਦੀ ਕੀਤੀ ਗਈ ਮਸ਼ਹੂਰੀ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਕੋਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪਿਛਲੇ ਦਿਨਾਂ 'ਚ ਗੁਜਰਾਤ ਅੰਦਰ ਗਾਂ ਦੇ ਮੂਤ ਦੀ ਬਿਕਰੀ 'ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। 

ਰਾਸ਼ਟਰੀ ਕਾਮਧੇਨੂ ਆਯੋਗ ਦੇ ਚੇਅਰਮੈਨ ਵੱਲਭ ਕਥੀਰੀਆ ਨੇ ਈਟੀ ਨੂੰ ਦੱਸਿਆ ਕਿ ਕੋਰੋਨਾਵਾਇਰਸ ਫੈਲਣ ਮਗਰੋਂ ਗੁਜਰਾਤ ਵਿਚ ਗਾਂ ਦੇ ਮੂਤ ਦੀ ਬਿਕਰੀ ਪ੍ਰਤੀ ਦਿਨ 6000 ਲੀਟਰ ਤਕ ਪਹੁੰਚ ਗਈ ਹੈ। ਰਿਪੋਰਟ ਮੁਤਾਬਕ ਲੋਕ ਪੀਣ ਦੇ ਨਾਲ ਨਾਲ ਇਸ ਨੂੰ ਸ਼ਰੀਰ 'ਤੇ ਛਿੜਕਣ ਲਈ ਵੀ ਵਰਤ ਰਹੇ ਹਨ। 

ਜ਼ਿਕਰਯੋਗ ਹੈ ਕਿ ਭਾਰਤ ਦੇ ਹਿੰਦੂ ਸਮਾਜ ਵਿਚ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਜਦੋਂ ਤੋਂ ਭਾਜਪਾ ਭਾਰਤ ਦੀ ਸੱਤਾ 'ਤੇ ਕਾਬਜ਼ ਹੋਈ ਹੈ ਗਾਂ ਦੇ ਮੂਤ ਨੂੰ ਇਕ ਦਵਾਈ ਵਜੋਂ ਵੱਡੇ ਪੱਧਰ 'ਤੇ ਸਥਾਪਤ ਕੀਤਾ ਗਿਆ ਹੈ। ਇਸ ਲਈ ਹਿੰਦੂ ਧਾਰਮਿਕ ਸੰਸਥਾਵਾਂ ਦਾ ਵੱਡਾ ਰੋਲ ਰਿਹਾ ਹੈ। ਹਲਾਂਕਿ ਹੁਣ ਤਕ ਇਹ ਮਨੌਤ ਸਿਰਫ ਹਿੰਦੂ ਧਾਰਮਕ ਭਾਵਨਾਵਾਂ ਨਾਲ ਹੀ ਜੁੜੀ ਹੈ ਕਿ ਗਾਂ ਦਾ ਮੂਤ ਬਿਮਾਰੀਆਂ ਠੀਕ ਕਰਦਾ ਹੈ ਪਰ ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ। ਹੁਣ ਕੋਰੋਨਾਵਾਇਰਸ ਦੀ ਬਿਮਾਰੀ ਦੇ ਡਰ ਵਿਚ ਜਿੱਥੇ ਹੋਰ ਕਈ ਤਰ੍ਹਾਂ ਦੇ ਇਲਾਜ ਦੀਆਂ ਅਫਵਾਹਾਂ ਉੱਡ ਰਹੀਆਂ ਹਨ ਉੱਥੇ ਹੀ ਗਾਂ ਦੇ ਮੂਤ ਨੂੰ ਵੀ ਇਕ ਕਾਰਗਰ ਇਲਾਜ ਵਜੋਂ ਇਸ ਸਮੇਂ ਸਥਾਪਤ ਕਰਨ ਲਈ ਅਫਵਾਹਾਂ ਉਡਾਈਆਂ ਗਈਆਂ। 

ਪੰਜਾਬ ਦੇ ਡਾਇਰੀ ਨਾਲ ਜੁੜੇ ਇਕ ਕਿਸਾਨ ਦਾ ਕਹਿਣਾ ਹੈ ਕਿ ਜੇ ਭਾਰਤ ਦੀ ਬਹੁਗਿਣਤੀ ਹਿੰਦੂ ਵਸੋਂ ਵਿਚ ਗਾਂ ਦੇ ਮੂਤ ਦੀ ਵਰਤੋਂ ਪ੍ਰਚਲਿਤ ਹੁੰਦੀ ਹੈ ਤਾਂ ਇਸ ਨਾਲ ਡੇਅਰੀ ਉਦਯੋਗ ਨੂੰ ਇਕ ਹੋਰ ਕਮਾਈ ਦਾ ਰਾਹ ਖੁੱਲ੍ਹ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਨਵੀਂ ਖੁੱਲ੍ਹ ਰਹੀ ਮੰਡੀ ਵਿਚ ਆਪਣੀ ਭਾਈਵਾਲੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਜਿਹਨਾਂ ਸੂਬਿਆਂ ਵਿਚ ਗਾਂ ਦੇ ਮੂਤ ਦੀ ਮੰਗ ਹੈ ੳਹਨਾਂ ਤੱਕ ਪੰਜਾਬ ਦੇ ਕਿਸਾਨਾਂ ਤੋਂ ਗਾਂ ਦਾ ਮੂਤ ਖਰੀਦ ਕੇ ਵੇਚਣ ਲਈ ਭੇਜਣਾ ਚਾਹੀਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।